Fazilka Online News
News 24x7 Live

ਸੂਬਾ ਸਰਕਾਰ ਵੱਲੋਂ ਪੜ੍ਹਾਅ ਵਾਰ ਕੀਤੇ ਜਾਣਗੇ ਫਸਲੀ ਕਰਜ਼ੇ ਮੁਆਫ- ਡਿਪਟੀ ਕਮਿਸ਼ਨਰ

ਕਿਸਾਨ ਕਰਜ਼ਾ ਮੁਆਫ ਸਕੀਮ ਤਹਿਤ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਬੈਠਕ
ਫਾਜ਼ਿਲਕਾ 05 ਜਨਵਰੀ ( ਫਾਜ਼ਿਲਕਾ ਔਨਲਾਈਨ ਨਿਊਜ਼ ) ਪੰਜਾਬ ਸਰਕਾਰ ਵੱਲੋਂ ਰਾਜ ਦੇ ਕਿਸਾਨਾਂ ਦੇ ਫਸਲੀ ਕਰਜ਼ੇ ਪੜ੍ਹਾਅ ਵਾਰ ਤਰੀਕੇ ਨਾਲ ਮੁਆਫ ਕੀਤੇ ਜਾ ਰਹੇ ਹਨ। ਜਿਸ ਤਹਿਤ ਪਹਿਲੇ ਪੜ੍ਹਾਅ ਵਿੱਚ ਕੇਵਲ ਢਾਈ ਏਕੜ ਤੋਂ ਘੱਟ ਜਮੀਨ ਮਾਲਕੀ ਵਾਲੇ ਉਹੀ ਕਿਸਾਨ ਵਿਚਾਰੇ ਗਏ ਹਨ ਜਿਨ੍ਹਾਂ ਨੇ ਸਹਿਕਾਰੀ ਬੈਂਕਾਂ ਤੋਂ ਫਸਲੀ ਕਰਜ ਲਿਆ ਸੀ।
ਇਹ ਜਾਣਕਾਰੀ ਅੱਜ ਇਥੇ ਇਸ ਸਬੱਧੀ ਇਕ ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਪੂਰੀ ਕਰ ਲੈਣ ਤੋਂ ਬਾਅਦ ਢਾਈ ਏਕੜ ਤੋਂ ਵੱਧ ਜਮੀਨ ਵਾਲੇ ਅਤੇ ਵਪਾਰਕ ਬੈਂਕਾਂ ਤੋਂ ਫਸਲੀ ਕਰਜ਼ਾ ਲੈਣ ਵਾਲੇ ਕਿਸਾਨਾਂ ਨੂੰ ਵੀ ਕਰਜ਼ਾ ਰਾਹਤ ਸਕੀਮ ਦਾ ਲਾਭ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਕੀਮ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਲਾਭਪਾਤਰੀਆਂ ਦੀਆਂ ਸੂਚੀਆਂ ਜਨਤਕ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਜਿਸ ਕੋਲ ਢਾਈ ਏਕੜ ਤੋਂ ਘੱਟ ਜ਼ਮੀਨ ਹੈ ਅਤੇ ਉਸਨੇ ਸਹਿਕਾਰੀ ਬੈਂਕ ਤੋਂ ਕੋਈ ਕਰਜ਼ਾ ਲਿਆ ਸੀ ਅਤੇ ਉਸਦਾ ਨਾਂ ਸੂਚੀ ਵਿੱਚ ਨਹੀਂ ਆਇਆ ਤਾਂ ਅਜਿਹਾ ਕਿਸਾਨ ਸਹਿਕਾਰੀ ਬੈਂਕ ਜਿਥੋਂ ਉਸਨੇ ਕਰਜ਼ਾ ਲਿਆ ਹੈ ਵਿਖੇ ਮੰਗਲਵਾਰ 9 ਜਨਵਰੀ 2018 ਤੱਕ ਆਪਣਾ ਦਾਅਵਾ ਲਿਖਤੀ ਤੌਰ ‘ਤੇ ਦੇ ਸਕਦਾ ਹੈ ਅਤੇ ਬੈਂਕ ਦਾਅਵਾ ਸਵੀਕਾਰ ਕਰਨ ਮੌਕੇ ਕਿਸਾਨ ਨੂੰ ਦਾਅਵਾ ਪ੍ਰਾਪਤ ਹੋਣ ਦੀ ਰਸੀਦ ਜਾਰੀ ਕਰਨ ਲਈ ਪਾਬੰਦ ਹੋਵੇਗਾ।  ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪ੍ਰਾਪਤ ਹੋਣ ਵਾਲੇ ਦਾਅਵਿਆਂ ਦਾ ਨਿਪਟਾਰਾ ਸਮਾਂ-ਬੱਧ ਤਰੀਕੇ ਨਾਲ ਕੀਤਾ ਜਾਵੇਗਾ।  ਇਸ ਤੋਂ ਬਿਨਾਂ ਪਿੰਡਾਂ ਵਿੱਚ ਆਮ ਇਜਲਾਸ ਕਰਕੇ ਵੀ ਦਾਅਵੇ ਤੇ ਇਤਰਾਜ ਲਏ ਜਾ ਰਹੇ ਹਨ ਅਤੇ ਕਿਸਾਨ ਮੌਕੇ ‘ਤੇ ਵੀ ਆਪਣੇ ਦਾਅਵੇ ਤੇ ਇਤਰਾਜ ਦੇ ਸਕਦੇ ਹਨ। ਕਿਸਾਨਾਂ ਨੂੰ ਕਿਸੇ ਵੀ ਘਬਰਾਹਟ ਵਿੱਚ ਨਾ ਆਉਣ ਦੀ ਅਪੀਲ ਕਰਦਿਆਂ ਉਨ੍ਹਾਂ ਸਪਸ਼ਟ ਕੀਤਾ ਕਿ ਫਿਲਹਾਲ ਢਾਈ ਏਕੜ ਤੋਂ ਘੱਟ ਮਾਲਕੀ ਵਾਲੇ ਅਤੇ ਸਹਿਕਾਰੀ ਬੈਂਕ ਦੇ ਫਸਲੀ ਕਰਜ਼ੇ ਵਾਲੇ ਕਿਸਾਨ ਹੀ ਜੇਕਰ ਉਨ੍ਹਾਂ ਦਾ ਨਾਂਅ ਸੂਚੀ ਵਿਚ ਨਹੀਂ ਤਾਂ ਦਾਅਵੇ ਦੇਣ ਕਿਉਂਕਿ ਇਸ ਤੋਂ ਵੱਧ ਜਮੀਨ ਵਾਲੇ ਅਤੇ ਵਪਾਰਕ ਬੈਂਕਾਂ ਤੋਂ ਕਰਜ਼ ਲੈਣ ਵਾਲੇ ਕਿਸਾਨਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਜਲਦ ਹੀ ਜਾਰੀ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਦਾ ਆਧਾਰ ਕਾਰਡ ਨਹੀਂ ਬਣਿਆ ਤਾਂ ਆਧਾਰ ਕਾਰਡ ਬਣਵਾ ਲਿਆ ਜਾਵੇ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਕ ਟੀਮ ਵਾਂਗ ਕੰਮ ਕਰਦਿਆਂ ਸਰਕਾਰ ਦੀ ਇਸ ਸਕੀਮ ਨੂੰ ਨੇਪਰੇ ਚਾੜ੍ਹਿਆ ਜਾਵੇ ਤੇ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਯੋਗ ਲਾਭਪਤਾਰੀ ਇਸ ਸਕੀਮ ਦਾ ਲਾਹਾ ਲੈਣ ਤੋਂ ਵਾਂਝਾ ਨਾ ਰਹਿ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਬਲਬੀਰ ਰਾਜ ਸਿੰਘ, ਐਸ.ਡੀ.ਐਮ. ਅਬੋਹਰ ਮਿਸ ਪੂਨਮ ਸਿੰਘ, ਐਸ.ਡੀ.ਐਮ. ਜਲਾਲਾਬਾਦ ਸ. ਪ੍ਰਿਥੀ ਸਿੰਘ,  ਸਹਾਇਕ ਕਮਿਸ਼ਨਰ(ਜਨਰਲ) ਸ੍ਰੀ ਜਗਦੀਪ ਸਹਿਗਲ, ਸਹਾਇਕ ਕਮਿਸ਼ਨ(ਅੰਡਰ ਟੇ੍ਰਨਿੰਗ) ਸ. ਰਣਦੀਪ ਸਿੰਘ ਅਹੀਰ, ਮੁੱਖ ਖੇਤੀਬਾੜੀ ਅਫਸਰ ਸ. ਬੇਅੰਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਹਾਜ਼ਰ ਸਨ।
Source Sarhad Kesri
Via Fazilka Online News

Leave A Reply

Your email address will not be published.